ਕੌਮੀਅਤ ਅਤੇ ਰੂਹਾਨੀਅਤ

ਭਾਈ ਸਾਹਿਬ ਰਣਧੀਰ ਸਿੰਘ ਜੀ ‘ਗੁ ਰਮਤਿ ਲੇਖ’ ਪੁਸਤਕ ਵਿੱਚੋਂ।

ਜਿੱਥੇ ਪੰਥਕ ਸਫਾਂ ਅੰਦਰ ਅੱਜ 'ਖਾਲਸਾ ਜੀ ਦੇ ਬੋਲ ਬਾਲੇ' ਨੂੰ ਸਰ ਕਰਨ ਲਈ ਨਵੀਂ ਸਫਬੰਦੀ ਕਰਨ ਦੀਆਂ ਵਿਚਾਰ ਚਰਚਾਵਾਂ ਚੱਲ ਰਹੀਆਂ ਹਨ ਉੱਥੇ ਭਾਈ ਸਾਹਿਬ ਜੀ ਦਾ ਇਹ ਲੇਖ ਹਜ਼ਾਰ ਸੂਰਜਾਂ ਵਾਂਗ ਸਾਡੇ ਭਵਿੱਖ ਦੇ ਰਾਹਾਂ ਨੂੰ ਰੁਸ਼ਨਾਉਂਦਾ ਹੈ। ਜਦੋਂ ਕਿ ਖਾਲਸਾ ਰਾਜ ਦੀਆਂ ਬਹੁਤੀਆਂ ਦਾਅਵੇਦਾਰ ਧਿਰਾਂ ਵੀ ਪੱਛਮੀ ਤਰਜ਼ ਦੇ ਢਾਂਚਿਆਂ ਦੇ ਉਲਝਣਾਂ ਵਿੱਚ ਫੱਸ ਚੁੱਕੇ ਹਨ, ਭਾਈ ਸਾਹਿਬ ਮਿਸਾਲੀ ਸਪੱਸ਼ਟਤਾ ਨਾਲ ਅਧੁਨਿਕਤਾਵਾਦ, ਰਾਸ਼ਟਰਵਾਦ ਅਤੇ ਸੈਕੂਲਰਵਾਦ ਦੇ ਘਾਤਕ ਪ੍ਰਭਾਵਾਂ ਨੂੰ ਤਹਿਸ ਨਹਿਸ ਕਰਦਿਆਂ ਖਾਲਸਾਈ ਜਥੇਬੰਦੀ ਅਤੇ ਖਾਲਸਾ ਰਾਜ ਦੇ ਖਾਸੇ ਨੂੰ ਮੌਲਿਕ ਸਿੱਖ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੇ ਹਨ। ਖਾਲਸਾ ਜੀ ਦੇ ਬੋਲ ਬਾਲੇ ਨੂੰ ਸਰ ਕਰਨ ਲਈ ਇਸ ਰਾਹ ਦੇ ਸੰਜੀਦਾ ਪਾਂਧੀਆਂ ਨੂੰ ਇਨ੍ਹਾਂ ਲਫਜ਼ਾਂ ਨੂੰ ਗਹੁ ਨਾਲ ਵਿਚਾਰ ਕੇ ਹੀ ਅਗਲੇ ਕਦਮ ਤੈਅ ਕਰਨੇ ਚਾਹੀਦੇ ਹਨ। - ਸੰਪਾਦਕ

ਅਜ ‘ਕੌਮੀਅਤ’ ਤੇ ਕੌਮ-ਪ੍ਰਸਤੀ ਦੀ ਕੂਕ ਪੁਕਾਰ ਸੁਣ ਕੇ ਹਰ ਇਕ ਨੂੰ ‘ਕੌਮ-ਪ੍ਰਸਤ’ ਕਹਾਉਣ ਦੀ ਲਾਲਸਾ ਲਗ ਰਹੀ ਹੈ। ਕੌਮ-ਪ੍ਰਸਤ ਕਹਾਉਣ ਦੀ ਲਾਲਸਾ ਰਖਣ ਵਾਲਿਆਂ ਵਿਚੋਂ ਬਹੁਤਿਆਂ ਨੂੰ ਮਜ਼ਹਬ ਨੂੰ ਨਿੰਦਣ ਤੇ ਮਜ਼ਹਬ-ਪ੍ਰਸਤਾਂ ਨੂੰ ਭੰਡਣ ਦਾ ਮੇਨੀਆ ਭਰੀ ਲਗ ਰਿਹਾ ਹੈ। ਤੇ ਇਹ ਇਕ ਐਸਾ ਕੋਝਾ ਵਤੀਰਾ ਤੁਰ ਪਿਆ ਹੈ, ਜੋ ਇਥੇ ਤੱਕ ਵਧ ਗਿਆ ਹੈ ਕਿ ਅਜਿਹੇ ਕੌਮ-ਪ੍ਰਸਤ ਕਹਾਉਣ ਵਾਲੇ ਮਜ਼ਹਬ ਤੇ ਮਜ਼ਹਬ-ਪ੍ਰਸਤਾਂ ਨੂੰ ਬੁਰਾ ਕਹਿਣਾ ਭੀ ਕੌਮ-ਪ੍ਰਸਤੀ ਹੀ ਸਮਝਦੇ ਹਨ। ਉਹ ਹਰ ਮਜ਼ਹਬ ਦੇ ਬਾਨੀਆਂ ਨੂੰ ਭੀ ਬੁਰਾ ਕਹਿਣਾ ਫ਼ਖ਼ਰ ਸਮਝਦੇ ਹਨ। ਉਹ ਕਿਸੇ ਮਜ਼ਹਬ ਦੀ ਚੰਗੀ ਤੋਂ ਚੰਗੀ ਗੱਲ ਨੂੰ ਸੁਣਨਾ ਭੀ ਕੌਮੀਅਤ ਤੇ ਕੌਮ-ਪ੍ਰਸਤੀ ਤੋਂ ਗਿਰਨਾ ਖ਼ਿਆਲ ਕਰਦੇ ਹਨ। 

ਪਤਾ ਨਹੀਂ ਕਿ ਉਹ ਕੌਮੀਅਤ ਕਿਸ ਗੱਲ ਨੂੰ ਸਮਝਦੇ ਹਨ। ਇਕ ਦੇਸ ਯਾ ਦੀਪ ਅੰਦਰ ਜਨਮੀਆਂ ਯਾ ਸਦੀਆਂ ਤੋਂ ਬਦੇਸੋਂ ਆਈਆਂ ਰੂਹਾਨੀਅਤ ਤੋਂ ਖ਼ਾਲੀ ਕਈ ਤਰੂਾਂ ਦੀਆਂ ਇਨਸਾਨੀ ਕਲਬੂਤ ਦੀਆਂ ਮੁਰਦਾ ਨਸਲਾਂ ਦਾ ਇਕੱਠ, ਮਹਿਜ਼ ਰਾਜਗੀਰੀ ਦੀ ਇੱਛਾ ਤੇ ਲਾਲਚ ਵਿਚ ਕਿਸੇ ਰਾਜ ਨੂੰ ਰੋੜ੍ਹਨ ਦੇ ਨਿਰੇ ਦਮਗਜੇ ਮਾਰਨ ਨੂੰ ਜੇ ਕੌਮੀਅਤ ਤੇ ਕੌਮ-ਪ੍ਰਸਤੀ ਕਹੇ ਤਾਂ ਇਸ ਦਾ ਕੋਈ ਲਾਭ ਨਹੀਂ। ਐਸੀ ਕੌਮੀਅਤ ਤੋਂ ਸੌਰਨਾ ਭੀ ਕੀ ਹੈ?

ਜਿਸ ਕੌਮ ਤੇ ਕੌਮੀਅਤ ਅੰਦਰ ਰੂਹਾਨੀਅਤ ਵਾਲੀ ਜੀਵਨ-ਕਣੀ ਨਹੀਂ, ਐਸੇ ਨਿਰੇ ਰਾਜ-ਸਾਜ ਦੀ ਇੱਛਾ ਵਾਲਿਆਂ ਨੂੰ ਦੇਣਨੇਤ ਨਾਲ ਰਾਜ-ਸਾਜ ਮਿਲ ਵੀ ਜਾਵੇ ਤਾਂ ਇਸ ਬਾਤ ਦੀ ਕੀ ਗਰੰਟੀ ਹੈ ਕਿ ਉਨ੍ਹਾਂ ਦਾ ਬੁਲ-ਹਵਸੀ-ਰਾਜ ਕਿਸੇ ਪਹਿਲੇ ਕਾਇਲ ਸ਼ੁਦਾ ਰਾਜ ਨਾਲੋਂ ਚੰਗੇਰਾ ਤੇ ਪਰਜਾ ਲਈ ਅਧਿਕ ਭਲੇਰਾ ਹੋਵੇਗਾ। ਜਿਸ ਕੌਮੀਅਤ ਅੰਦਰ ਵਜ਼ੀਰੀਆਂ ਸਾਂਭਣ ਦੀ ਲਾਲਸਾ ਲਗੀ ਹੋਈ ਹੋਵੇ, ਜਿਸ ਕੋਮੀਅਤ ਦੇ ਕੌਮ-ਪ੍ਰਸਤ ਆਗੂ ਕੌਂਸਲਾਂ ਤੇ ਡਿਸਟ੍ਰਿਕਟ ਬੋਰਡਾਂ, ਮਿਉਨਿਸਪਲ ਕਮੇਟੀਆਂ ਦੀਆਂ ਮੈਂਬਰੀਆਂ ਦੀ ਪ੍ਰਾਪਤੀ ਖ਼ਾਤਰ ਆਮ ਜਨਤਾ ਨੂੰ ਸੱਭਿਅਤਾ-ਹੀਣ ਤੇ ਇਖ਼ਲਾਕੋਂ ਗਿਰੇ ਹੌਏ ਲਾਲਚ ਦੇ ਦੇ ਕੇ ਕੌਮੀਅਤ ਦੇ ਸ਼ੀਰਾਜ਼ੇ ਨੂੰ ਪਾਸ਼ ਪਾਸ਼ ਕਰਨ ਉਤੇ ਆ ਉਤਰਨ, ਉਨ੍ਹਾਂ ਨੇ ਭੱਲਾ ਬਣਨ ਵਾਲੀ ਰਾਜਗੀਰੀ ਦੇ ਅਹੁਦੇ ਹਾਸਲ ਕਰ ਕੇ ਕੀ ਪੂਰੀਆਂ ਪਾਉਣੀਆਂ ਹਨ? ਅਜਿਹੇ ਪੁਰਸ਼ਾਂ ਦੇ ਹੱਥ ਆਈ ਰਾਜਗੀਰੀ ਝਬਦੇ ਹੀ ਰਾਜਗਰਦੀ ਵਿਚ ਪਲਟ ਜਾਏਗੀ। ਅਜਿਹੀ ਹਾਲਤ ਵਿਚ ਦੇਸ਼ ਤੇ ਕੌਮ ਦਾ ਕੀ ਭਲਾ ਹੋ ਸਕੇਗਾ? ਆਪਾ-ਪ੍ਰਸਤਾਂ ਤੋਂ ਕੌਮ-ਪ੍ਰਸਤੀ ਨਹੀਂ ਹੋ ਸਕਦੀ। ਸੁਆਰਥੀਆਂ ਪਾਸੋਂ ਪਰਸੁਆਰਥ ਤੇ ਪਰਉਪਕਾਰ ਕਦੇ ਨਹੀਂ ਹੋ ਸਕਦਾ। ਖ਼ੁਦ-ਗ਼ਰਜ਼ੀ ਲਈ ਆਪਣੇ ਭਾਈਆਂ ਨੂੰ ਪਛਾੜ ਲਤਾੜ ਕੇ ਛੋਟੀਆਂ ਛੋਟੀਆਂ ਸਿਕਦਾਰੀਆਂ ਤੇ ਅਹੁਦੇਦਾਰੀਆਂ ਨੂੰ ਜੱਫਾ ਮਾਰਨ ਵਾਲਿਆਂ ਤੋਂ ਇਹ ਆਸ ਤੱਕਣੀ ਕਿ ਉਹ ਕੌਮ, ਦੇਸ ਯਾ ਜਨਤਾ ਦੇ ਭਲੇ ਲਈ ਕੁਝ ਕਰਨਗੇ, ਨਿਰੀ ਖ਼ਾਮ-ਖਿਆਲੀ ਹੈ। ਇਹ ਤਾਂ ਸਗੋਂ ਆਪਾ-ਪ੍ਰਸਤੀ ਤੇ ਅਹੁਦਾ-ਪ੍ਰਸਤੀ ਹੈ। ਆਪਾ-ਪ੍ਰਸਤੀ ਸਰਕਾਰ-ਪ੍ਰਸਤੀ ਨਾਲੋਂ ਕੋਈ ਨਵੀਂ ਤੇ ਚੰਗੀ ਚੀਜ਼ ਨਹੀਂ। ਜਿਸ ਸਮੇਂ ਵਿਚ ਜੋ ਸਰਕਾਰ (ਗੌਰਮੈਂਟ) ਬਰਸਰੇ ਇਕਤਦਾਰ ਹੋਵੇਗੀ, ਇਹ ਖ਼ੁਦਗ਼ਰਜ਼ ਸੁਆਰਥੀ ਉਸੇ ਦੇ ਝੋਲੀਚੁਕ ਤੇ ਪੁਜਾਰੀ ਬਣ ਜਾਣਗੇ। ਜੋ ਸੁਆਰਥੀ ਲੋਕ ਨਿਰੀਆਂ ਮੈਂਬਰੀਆਂ ਖ਼ਾਤਰ ਇਨਸਾਨੀਅਤ ਤੇ ਇਖ਼ਲਾਕੀ ਮਿਆਰ ਤੋਂ ਹੇਠਾਂ ਡਿਗਣ ਨੂੰ ਅਯੋਗ ਨਹੀਂ ਸਮਝਦੇ, ਉਹ ਮੈਂਬਰ ਬਣ ਕੇ ਭੀ ਕੀ ਸਵਾਰ ਸਕਣਗੇ?

ਇਸ ਤਰ੍ਹਾਂ ਦੀ ਹਾਲਤ ਤੇ ਅਜਿਹੀਆਂ ਸੁਆਰਥੀ ਚਾਲਾਂ ਨਾਲ ਪ੍ਰਾਪਤ ਕੀਤੇ ਸ੍ਵਰਾਜ ਤੇ ਕੌਮੀ ਰਾਜ ਤੋਂ ਕਈ ਲਾਭ ਨਹੀਂ ਹੋ ਸਕਦਾ ਤੇ ਨਾ ਇਨਸਾਨੀਅਤ, ਇਖ਼ਲਾਕ, ਅਣਖ, ਪਰਉਪਕਾਰ ਆਦਿ ਗੁਣਾਂ ਤੋਂ ਸਖਣੇ ਪੁਰਸ਼ਾਂ ਦੇ ਇਕੱਠ ਦਾ ਨਾਮ ਕੌਮ ਯਾ ਕੌਮੀਅਤ ਹੋ ਸਕਦਾ ਹੈ। 

ਦੇਸ ਦੇ ਭਲੇ ਤੇ ਕੌਮ ਦੀ ਖ਼ਾਤਰ ਕੁਝ ਚਾਹੁਣ ਵਾਲੇ ਤਾ ਵਿਰਲੇ ਹੀ ਹੋਣਗੇ, ਨਹੀਂ ਤਾਂ ਸ੍ਵਰਾਜ ਮੰਗਣ ਵਾਲਿਆਂ ਵਿੱਚ ਐਸੇ ਬਹੁਤ ਹਨ, ਜਿਨ੍ਹਾਂ ਨੂੰ ਆਪਣਾ ਸੁਆਰਥ ਮੁਖ ਹੈ। ਸ੍ਵਰਾਜ ਪਦ ਦਾ ਅਰਥ ਭੀ ਅਸਲ ਆਦਰਸ਼ ਤੋਂ ਊਰਾ ਹੈ। ਆਮ ਤੌਰ ਤੇ ਸ੍ਵਰਾਜ ਦਾ ਅਰਥ ਇਹ ਕੀਤਾ ਜਾਂਦਾ ਹੈ ਕੇ ‘ਆਪਣਾ ਰਾਜ’, ਅਰਥਾਤ ‘ਆਪਣੇ ਦੇਸ ਦਾ ਰਾਜ ਅਸੀਂ ਆਪ ਕਰੀਏ।’ ਰਾਜ-ਲਾਲਸਾ ਦੀ ਇਹ ਅਪਣੱਤ ਜੇ ਤਾਂ ਰਾਜ-ਸਾਜ ਕਮਾਉਣ ਦੀ ਸਾਂਝੀਵਾਲਤਾ ਵਿੱਚ ਰਹੇ, ਤਦ ਤਾਂ ਕੁਝ ਗੁਣਕਾਰੀ ਹੋ ਸਕਦੀ ਦੇ, ਨਹੀਂ ਤਾਂ ਆਪਾ-ਧਾਪੀ ਵਿਚ ਖਿਚ ਕੇ ਲੈ ਜਾਂਦੀ ਹੈ, ਪਰ ਸਾਂਝੀਵਾਲਤਾ ਵਾਲੀ ਕੌਮੀਅਤ ਰੂਹਾਨੀਅਤ ਤੋਂ ਬਿਨਾਂ ਪੈਦਾ ਹੋਣੀ ਤੇ ਕਾਇਮ ਰਹਿਣੀ ਅਸੰਭਵ ਹੈ। ਕਿਥੇ “ਅਪਨਾ ਬਿਗਾਰਿ ਬਿਰਾਨਾ ਸਾਂਢੈ”* ਵਾਲੀ ਉਚ ਆਦਰਸ਼ੀ ਰੂਹਾਨੀਅਤ ਅਤੇ ਕਿਥੇ ‘ਪਰਾਇਆ ਬਿਗਾੜ ਆਪਣਾ ਹੱਕ ਮਾਂਡੇ’ ਵਾਲੀ ਆਪਾ-ਧਾਪੀ।

'ਸਭੇ ਸਾਝੀਵਾਲ ਸਦਾਇਨਿ' (॥੩॥੪॥੨॥੯, ਮਾਝ ਮ: ੫, ਅੰਗ ੯੭) ਦੇ ਗੁਰਵਾਕ ਦੇ ਭਾਵ ਅਨੁਸਾਰ ਨਾਮ ਦੀ ਪ੍ਰੇਮ-ਤਾਰ-ਲੜੀ ਵਿਚ ਇਕ-ਸਾਥ ਪਰੋਤੇ ਸਾਂਝੀਵਾਲਾਂ ਦੀ ਸਾਂਝੀਵਾਲਤਾ ਹੀ ਬਣ ਸਕਦੀ ਹੈ। ਜਿਨ੍ਹਾਂ ਨੂੰ ਆਪੋ ਆਪਣੀ ਪਈ ਹੋਵੇ, ਜੋ ਆਪਣੇ ਆਪਣੇ ਸੁਆਰਥ ਦੇ ਬੰਦੇ ਹੋਣ, ਉਨ੍ਹਾਂ ਦੀ ਸਾਂਝੀਵਾਲਤਾ ਕਿਵੇਂ ਬਣ ਸਕਦੀ ਹੈ? ਰੂਹਾਨੀਅਤ ਤੋਂ ਖ਼ਾਲੀ ਸੁਆਰਥੀਆਂ ਦੀ ਸਾਂਝੀਵਾਲਤਾ, ਨਾਸਤਕਾਂ ਤੇ ਮਾਦਾ-ਪ੍ਰਸਤਾਂ ਦਾ ਇਕੱਠ, ਇਤਫ਼ਾਕ ਤੇ ਅਮਲ ਕੁਝ ਦਿਨਾਂ ਦਾ ਚਮਤਕਾਰ ਤੇ ਐਵੇਂ ਲਫ਼ਾਫ਼ਾ ਹੀ ਹੁੰਦਾ ਹੈ। ਅਸਲ ਵਿਚ ਇਹ ਅੰਤਰਗਤੀ ਖਹਿ ਖਹਿ ਮਰਨ ਵਾਲੀ ਖਿਚੋਤਾਣ ਹੀ ਹੈ। ਮਾਦਾ-ਪ੍ਰਸਤ ਮੁਲਕਗੀਰ ਕੌਮਾਂ ਦਾ ਪਾਜ ਓੜਕ ਉਘੜਨਾ ਹੀ ਹੈ। ਮਲੇਛਤਾ ਦੀ ਸਪਿਰਿਟ ਨੇ ਖੈ ਹੋਣਾ ਹੀ ਹੈ। ਹਉਮੈ ਖ਼ਦਗ਼ਰਜ਼ੀਆਂ ਨਾਲ ਲੱਥ ਪੱਥ ਹੋਏ ਜੀਵਾਂ ਦੇ ਇਕੱਠ ਨਾਲ ਕੌਮੀਅਤ ਨਹੀਂ ਬਣਦੀ। ਗੁਰੂ ਨਾਨਕ ਸਾਹਿਬ ਜੀ ਨੇ ਦੇਸ-ਦੇਸਾਂਤਰਾਂ ਵਿਚ ਰਟਨ ਕਰ ਕੇ ਫੇਰ ਨੌਂ ਜਾਮੇ ਧਾਰ, ਅਧਿਕਾਰੀ ਯੋਗ ਰੂਹਾਂ ਅੰਦਰ ਸੱਚੀ ਅਤੇ ਸਦਾਂ ਕਾਇਮ ਰਹਿਣ ਵਾਲੀ ਰੂਹਾਨੀਅਤ ਭਰੀ। ਫੇਰ ਦਸਵੇਂ ਜਾਮੇ ਅੰਦਰ ਖੁਦ-ਪ੍ਰਸਤੀ ਤੇ ਮਾਦਾ-ਪ੍ਰਸਤੀ ਤੋਂ ਸਾਫ਼ ਮੁਬੱਰਾ (ਪਾਕ) ਖ਼ਾਲਸਾ ਧਰਮੀ ਤੇ ਪਰਉਪਕਾਰੀ ਪੁਰਸ਼ਾਂ ਦੀ ਸਾਰੀ ਸ੍ਰਿਸ਼ਟੀ ਦਾ ਭਲਾ ਚਾਹੁਣ, ਭਲਾ ਦੇਖਣ ਤੇ ਭਲਾ ਕਰਨ ਵਾਲੀ ਖਾਲਸਾ ਕੌਮ ਸਾਜੀ ਅਤੇ ਇਸ ਤਰ੍ਹਾਂ ਰੂਹਾਨੀਅਤ ਵਾਲੀ ਖਾਲਸਾ ਕੌਮੀਅਤ ਦੀ ਨੀਂਹ ਰੱਖੀ। ਪਰ ਨਿਰਾ ਰਾਜ ਭਾਗ ਭੁਗਤਾਉਣ ਹਿਤ ਨਹੀਂ, ਸਗੋਂ ‘ਜੀਅ ਦਾਨੁ ਦੇ ਭਗਤੀ’ ਲਾਉਣ ਹਿਤ, ਅਕਾਲ ਪੁਰਖ ਨਾਲ ਮੇਲ ਮਿਲਾਉਣ ਹਿਤ, ਆਤਮਿਕ ਔਜ ਦੀ ਰੂਹਾਨੀਅਤ ਦ੍ਰਿੜ੍ਹਾਇ ਕੇ, ਖਾਲਸ ਜਨਾਂ ਦੇ ਰੋਮ ਰੋਮ ਅੰਦਰ ਇਹ ਰੂਹਾਨੀਅਤ ਰੁਮਕਾ ਕੇ, ਪਰਉਪਕਾਰੀ ਜਨ ਬਣਾ ਕੇ, ਸੱਚੀ ਸ੍ਰੇਸ਼ਟ ਅਤੇ ਖਾਲਸ ਤੱਤ ਕੌਮੀਅਤ ਦੀ ਸਾਜਣਾ ਸਾਜੀ। ਨਿਰੀ ਸ੍ਵਰਾਜ ਦੀ ਇੱਛਾ ਲਈ ਨਹੀਂ, ਸਗੋਂ ਧਰਮ ਦਾ ਰਾਜ ਵਿਥਾਰਨ ਲਈ, ਜ਼ੁਲਮ ਤੇ ਦੁਸ਼ਟ ਦੀ ਜੜ੍ਹ ਉਖਾੜਨ ਲਈ। ਰਾਜ-ਕਾਮਨਾ ਤੋਂ ਰਹਿਤ ਨਿਰੋਲ ਧਰਮ ਉਪਕਾਰ ਦਾ ਔਜ-ਪ੍ਰਮਾਰਥੀ ਅਤੇ ਆਤਮ-ਸੁਤੰਤਰੀ-ਹਲੇਮੀ ਰਾਜ ਵਿਥਾਰਨ ਲਈ ਏਸ ਰੂਹਾਨੀਅਤ ਸੰਜੀਵਨੀ ਕੌਮੀਅਤ ਦੀ ਅਬਚਲ ਨੀਂਹ ਧਰੀ। 


ਅੱਜ ਉਸ ਉੱਚੇ ਆਦਰਸ਼ ਤੋਂ ਘੁੱਥੇ ਖ਼ੁਸ਼ਕ ਰੀਫ਼ਾਰਮਰਾਂ ਦੇ ਮਗਰ ਲਗ ਕੇ ਲੋਕਾਂ ਵਿਚ ਫੋਕੀ ਕੂਕ-ਪੁਕਾਰ ਕੌਮੀਅਤ ਦੀ ਹੋ ਰਹੀ ਹੈ। ਇਸ ਪੁਕਾਰ ਦੇ ਸਿਲਸਿਲੇ ਵਿਚ ਧਰਮ ਅਤੇ ਰੂਹਾਨੀਅਤ ਨੂੰ ਕੌਮੀਅਤ ਦਾ ਦੁਸ਼ਮਨ ਸਮਝਿਆ ਜਾ ਰਿਹਾ ਹੈ। ਇਹੋ ਦੇਸ਼ ਤੇ ਦੇਸ਼-ਵਾਸੀਆਂ ਦੀ ਅਧੋਗਤੀ ਦਾ ਕਾਰਨ ਬਣ ਰਿਹਾ ਹੈ।

ਅੱਜ ਦੀ ਘੜੀ ਕੌਮੀਅਤ ਦੇ ਦਮਗਜੇ ਮਾਰਨ ਦੀ ਲੋੜ ਨਹੀਂ। ਸਵਰਾਜ ਦੇ ਸੁਪਨੇ ਲੈਣ ਤੇ ਇਤਫ਼ਾਕ-ਸਮਝੌਤਿਆਂ ਦੇ ਫ਼ਿਕਰ ਵਿਚ ਪੈਣ ਦੀ ਲੋੜ ਨਹੀਂ। ਪੰਥ ਅਤੇ ਕੌਮ ਦੀ ਉਨਤੀ ਦੇ ਫੋਕੇ ਵਹਿਮਾਂ ਵਿਖ ਵਹਿਣ ਦੀ ਜ਼ਰੂਰਤ ਨਹੀਂ, ਕੌਮ ਦੀ ਫੁੱਟ ਦੇ ਸੰਸਿਆਂ ਵਿਚ ਪੈ ਕੇ ਚਿੰਤਾਤੁਰ ਹੋਣ ਦੀ ਲੋੜ ਨਹੀਂ। ਲੋੜ ਹੈ, ਮੁੜ ਆਪਣੇ ਜੀਵਨਾਂ ਦੀ ਰੂਹਾਨੀਅਤ ਕਾਇਮ ਕਰਨ ਦੀ, ਆਪਣੀ ਆਤਮ-ਬਿਵਸਥਾ ਨੂੰ ਚੜ੍ਹਦੀਆਂ ਕਲਾਂ ਵਿੱਚ ਲੈ ਜਾਣ ਦੀ। 

ਪਰ ਇਹ ਲੇਖੇ ਵਾਲੀ ਅਸਲ ਗੱਲ, ਗਲੀਂ-ਬਾਤੀਂ ਪੂਰੀ ਨਹੀਂ ਹੁੰਦੀ। ਏਸ ਦੇ ਹਾਸਲ ਕਰਨ ਲਈ ਅਤੁੱਟ ਕਮਾਈਆਂ ਦੀ ਲੋੜ ਹੈ। ਇਹ ਆਤਮ-ਕਮਾਈਆਂ ਕਿਵੇਂ ਹੋ ਸਕਦੀਆਂ ਹਨ, ਇਹ ਕਿਸੇ ਵਖਰੇ ਲੇਖ ਵਿਚ ਨਿਰਣੇ ਹੋ ਸਕੇਗਾ। ਪਹਿਲਾਂ ਤਾਂ ਆਤਮ-ਕਮਾਈਆਂ ਲਈ ਤਤਪਰ ਹੋ ਕੇ ਕਮਰਕਸੇ ਕਰ ਲੈਣ ਦੀ ਦ੍ਰਿੜ੍ਹ ਧਾਰਨਾ ਧਾਰ ਲੈਣੀ ਰੂਹਾਨੀਅਤ ਵਾਲੀ ਕੌਮੀਅਤ ਦੇ ਦਰ ਖੋਲ੍ਹਣ ਦੇ ਤਿਆਰੇ ਹਨ। ਜੇ ਕਰ ਲਈਏ ਤਾਂ ਅਹੋ ਭਾਗ! 

*ਗੋਂਡ ਰਵਿਦਾਸ ਜੀ, ॥੩॥(੪॥੨॥੧੧) ਅੰਗ ੮੭੫

Previous
Previous

Glimpses of Liberation: Moving Beyond Elections and Reform

Next
Next

Khalsa jee ke bol baalay: Reorganizing thePanth and RebuildingSikh Power