ਖ਼ਾਲਿਸਤਾਨ ਐਲਾਨਨਾਮਾ: ਪੰਥ ਦਾ ਸਿਆਸੀ ਨਿਸ਼ਾਨਾ

29 ਅਪਰੈਲ 1986 ਨੂੰ ਹੋਏ ਖਾਲਿਸਤਾਨ ਐਲਾਨਨਾਮੇ ਦੀ ਵਰੇਗੰਢ ਨੂੰ ਸਮਰਪਤ ਭਾਈ ਜਸਪਾਲ ਸਿੰਘ ਮੰਝਪੁਰ ਦਾ ਇਹ ਲੇਖ ਸੰਖੇਪ ਰੂਪ ਵਿੱਚ ਛਾਪ ਰਹੇ ਹਾਂ। ਚਾਹਵਾਨ ਪਾਠਕ ਸੰਪੂਰਨ ਲੇਖ www.sikhsiyasat.info (29 ਅਪਰੈਲ 2015) 'ਤੇ ਪੜ੍ਹ ਸਕਦੇ ਹਨ। -ਸੰਪਾਦਕ

ਗੁਰੂ ਨਾਨਕ ਸਾਹਿਬ ਨੇ ਦੁਨਿਆਂਈ ਨੂੰ ਸੁਚੱਜੀ ਜੀਵਨ ਜਾਚ ਦਰਸਾਓਣ ਲਈ ਦਸਾਂ ਜਾਮਿਆਂ ਵਿਚ ਵੱਖ-ਵੱਖ ਤਰੀਕਿਆਂ ਨਾਲ ਸਮਝਾਉਂਣਾ ਕੀਤਾ ਤੇ ਅਕਾਲ ਪੁਰਖ ਦਾ ਮਨੁੱਖਤਾ ਪ੍ਰਤੀ ਸੁਨੇਹਾ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਪ੍ਰਕਾਸ਼ਮਾਨ ਕੀਤਾ ਤੇ ਨਾਲ ਹੀ ਇਕ ਅਜਿਹੇ ਮਨੁੱਖ ਨੂੰ ਪਰਗਟਾਇਆ ਜਿਸ ਨੂੰ ਖਾਲਸਾ ਕਿਹਾ ਜਾਂਦਾ ਹੈ, ਜੋ ਜਿੱਥੇ ਅਕਾਲ ਪੁਰਖ ਦੇ ਬਖਸ਼ੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਪਹਿਰੇਦਾਰ ਹੈ ਉੱਥੇ ਸਬਦ ਗੁਰੂ ਦੁਆਰਾ ਦਰਸਾਈ ਜੀਵਨ-ਜਾਚ ਨੂੰ ਇਕ ਨਮੂਨੇ ਵਜੋਂ ਦੁਨੀਆਂ ਸਾਹਮਣੇ ਪੇਸ਼ ਕਰਨ ਲਈ ਜਿੰਮੇਵਾਰ ਵੀ ਹੈ।ਖਾਲਸੇ ਨੂੰ ਨਾ ਤਾਂ ਕਿਸੇ ਭੂਗੋਲਿਕ ਖਿੱਤੇ ਵਿਚ ਸੀਮਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਦੁਆਲੇ ਕੰਧਾਂ ਕੀਤੀਆਂ ਜਾ ਸਕਦੀਆਂ ਹਨ। ਇਹ ਤਾਂ ਦਰਿਆ ਦੀ ਤਰ੍ਹਾਂ ਵਹਿੰਦਾ ਹੈ, ਬੇ-ਮੁਹਾਰਾ, ਬੇ-ਪਰਵਾਹ, ਅਕਾਲੀ ਮੌਜ ਵਿਚ।

ਖਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ “ਰਾਜ ਕਰੇਗਾ ਖ਼ਾਲਸਾ” ਦਾ ਨਾਅਰਾ ਬੁਲੰਦ ਕੀਤਾ। ਇਸ ਦਾ ਮਤਲਬ ਇਹ ਨਹੀਂ ਕਿ ਖ਼ਾਲਸੇ ਦਾ ਕਦੇ ਰਾਜ ਨਹੀਂ ਹੋਇਆ ਜਾਂ ਫਿਰ ਉਹ ਕਿਸੇ ਦਾ ਗੁਲਾਮ ਹੈ, ਨਹੀਂ ਅਜਿਹਾ ਨਹੀਂ, ਕਿਉਂਕਿ ਖ਼ਾਲਸਾ ਤਾਂ ਅਕਾਲ ਪੁਰਖ ਦੀ ਸੱਤਾ ਵਿਚ ਹਮੇਸ਼ਾ ਸਰੀਰਕ, ਮਾਨਸਿਕ ਤੇ ਰੂਹਾਨੀ ਤੌਰ ‘ਤੇ ਅਜ਼ਾਦ ਹੈ, ਉਸਨੂੰ ਕਦੇ ਵੀ ਗੁਲਾਮ ਨਹੀਂ ਬਣਾਇਆ ਜਾ ਸਕਦਾ।ਅਸਲ ਵਿਚ “ਰਾਜ ਕਰੇਗਾ ਖ਼ਾਲਸਾ” ਸਦੀਵੀ ਸੰਘਰਸ਼ ਦਾ ਲਖਾਇਕ ਹੈ, ਬਦੀ ਦੇ ਖਿਲਾਫ ਨੇਕੀ ਦੀ ਜੰਗ ਦਾ ਐਲਾਨ ਹੈ “ਰਾਜ ਕਰੇਗਾ ਖ਼ਾਲਸਾ”।ਧਰਤੀ ਦੇ ਕਿਸੇ ਖਿੱਤੇ ਵਿਚ ਖਾਲਸਈ ਸਿਧਾਤਾਂ ਨੂੰ ਪ੍ਰਣਾਏ ਲੋਕਾਂ ਦੁਆਰਾ ਦੁਨਿਆਵੀ ਸੱਤਾ ਸਥਾਪਤ ਕਰਨ ਤੋਂ ਬਾਅਦ ਵੀ ਰਾਜ ਕਰੇਗਾ ਖ਼ਾਲਸਾ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ।

1947 ਤੋਂ ਬਾਅਦ ਗੋਰੇ ਅੰਗਰੇਜ਼ਾਂ ਤੋਂ ਬਾਦ ਕਾਲੇ ਅੰਗਰੇਜ਼ਾਂ ਦਾ ਰਾਜ ਆ ਗਿਆ ਤੇ ਦਿੱਲੀ ਤਖ਼ਤ ਦੀ ਫੁੱਟ ਪਾਊ ਨੀਤੀ ਨੇ ਗੁਰੂ ਵਰੋਸਾਈ ਧਰਤ ਪੰਜਾਬ ਨੂੰ ਕਈ ਟੁਕੜਿਆਂ ਵਿਚ ਵੰਡ ਦਿੱਤਾ ਤੇ ਹੁਣ ਹੌਲੀ ਹੌਲੀ ਇਸ ਦੇ ਸਿਧਾਂਤਾਂ ਨੂੰ ਵੀ ਸੱਟਾਂ ਮਾਰੀਆਂ ਜਾ ਰਹੀਆਂ ਹਨ।

20ਵੀਂ ਸਦੀ ਦੇ ਚੌਥੇ ਦਹਾਕੇ ਤੋਂ ਦੁਨੀਆਂ ਦੇ ਵੱਖ-ਵੱਖ ਸੱਭਿਆਚਾਰਾਂ ਨੇ ਅਪਾਣੀ ਹੋਂਦ-ਹਸਤੀ ਬਚਾਈ ਰੱਖਣ ਲਈ ਪੱਛਮੀ ਤਰਜ਼ ਉੱਤੇ ਰਾਜ ਸਥਾਪਤ ਕਰਨੇ ਸ਼ੁਰੂ ਕੀਤੇ ਅਤੇ ਉਸ ਸਮੇਂ ਕੌਮਾਂਤਰੀ ਹਲਾਤ ਅਜਿਹੇ ਬਣੇ ਕਿ ਵੱਡੀਆਂ ਸ਼ਕਤੀਆਂ ਨੂੰ ਆਪਣੇ ਅਧੀਨ ਮੁਲਕਾਂ ਨੂੰ ਛੱਡ ਕੇ ਜਾਣਾ ਪਿਆ ਜਿਸ ਤਹਿਤ ਹੀ ਬ੍ਰਿਟਿਸ਼ ਰਾਜ ਪ੍ਰਬੰਧ ਨੇ ਭਾਰਤੀ ਉਪਮਹਾਂਦੀਪ ਨੂੰ ਛੱਡ ਕੇ ਜਾਣ ਦਾ ਮਨ ਬਣਾਇਆ ਪਰ ਉਹ ਇਸ ਖਿੱਤੇ ਨੂੰ ਉਸ ਰੂਪ ਵਿਚ ਛੱਡ ਕੇ ਨਾ ਗਏ ਜਿਸ ਰੂਪ ਵਿਚ ਉਹਨਾਂ ਇਸ ਨੂੰ ਪ੍ਰਾਪਤ ਕੀਤਾ ਸੀ ਸਗੋਂ ਉਹਨਾਂ ਨੇ ਆਪਣੇ ਰਾਜ-ਕਾਲ ਦੌਰਾਨ ਇਹਨਾਂ ਵੱਖ-ਵੱਖ ਸੱਭਿਆਚਾਰਾਂ ਨੂੰ ਇਕ ਹੀ ਕਾਨੂੰਨ ਦੇ ਰੱਸੇ ਵਿਚ ਨੂੜ ਦਿੱਤਾ ਸੀ ਤੇ ਭਾਵੇਂ ਕਿ ਅੰਗਰੇਜ਼ ਤਾਂ ਚਲੇ ਗਏ ਪਰ ਉਹ ਇਸ ਖਿੱਤੇ ਦੀ ਵਾਗਡੋਰ ਆਪਣੇ ਉਪਾਸ਼ਕ ਲੋਕਾਂ ਦੇ ਹੱਥਾਂ ਵਿਚ ਫੜਾ ਗਏ ਤਾਂ ਹੀ ਤਾਂ ਅਜੇ ਤੱਕ ਇਸ ਖਿੱਤੇ ਵਿਚ ਕੋਈ ਨਾ ਕੋਈ ਸਮੱਸਿਆ ਖੜੀ ਹੀ ਰਹਿੰਦੀ ਹੈ ਤੇ ਮੌਜੂਦਾ ਰਾਜ ਪ੍ਰਬੰਧ ਤੋਂ ਦੁਖੀ ਲੋਕ ਇਸ ਖਿਲਾਫ ਕਿਸੇ ਨਾ ਕਿਸੇ ਰੂਪ ਵਿਚ ਵਿਦਰੋਹ ਜਾਰੀ ਰੱਖਦੇ ਹਨ।

1849 ਵਿਚ ਅੰਗਰੇਜ਼ਾਂ ਨੇ ਸਿੱਖਾਂ ਦੇ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਪਰ 1947 ਵਿਚ ਸਿੱਖਾਂ ਨੇ ਆਪਣੀ ਕਿਸਮਤ ਬ੍ਰਾਹਮਣਵਾਦੀਆਂ ਦੇ ਨਾਲ ਜੋੜ ਲਈ ਤੇ ਇਕ ਨਵੀਂ ਗ਼ੁਲਾਮੀ ਦਾ ਸਫਰ ਸ਼ੁਰੂ ਹੋ ਗਿਆ ਤੇ ਸਿੱਖਾਂ ਨਾਲ ਦਿੱਲੀ ਨੇ ਹਰੇਕ ਪੱਖ ਤੋਂ ਵਿਤਕਰਾ ਕੀਤਾ, ਉਹਨਾਂ ਦੀ ਬੋਲੀ, ਸੱਭਿਆਚਾਰ, ਧਾਰਮਿਕ ਰਹੁ-ਰੀਤਾਂ, ਪਰੰਪਰਾਵਾਂ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਤੇ ਬ੍ਰਾਹਮਣ ਦੀ ਕੁਟਲ ਨੀਤੀ ਦਾ ਸਿਖਰ ਉਦੋਂ ਹੋ ਨਿਬੜਿਆ ਜਦੋਂ ਜੂਨ 1984 ਵਿਚ ਸਿੱਖਾਂ ਦੇ ਧੁਰੇ ਤੇ ਮਨੁੱਖਤਾ ਦੇ ਮਾਰਗ ਦਰਸ਼ਕ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ 37 ਹੋਰ ਗੁਰਧਾਮਾਂ ਉੱਤੇ ਸਿੱਧਾ ਫੌਜੀ ਹਮਲਾ ਕਰਕੇ ਸਿੱਖ ਨਸਲਕੁਸ਼ੀ ਦੀ ਐਲਾਨੀਆ ਸ਼ੁਰੂਆਤ ਕੀਤੀ ਗਈ ਤਾਂ ਸਿੱਖਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨ ਕਿ “ਜਦੋਂ ਦਿੱਲੀ ਸਰਕਾਰ ਸ੍ਰੀ ਦਰਬਾਰ ਸਹਿਬ ਉੱਤੇ ਹਮਲਾ ਕਰੇਗੀ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ” ਨੂੰ ਪੂਰਾ ਕਰਨ ਹਿੱਤ 29 ਅਪਰੈਲ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਰਤ ਤੋਂ ਵੱਖਰੇ ਪ੍ਰਭੂਸੱਤਾ ਸੰਪੰਨ  ਮੁਲਕ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ।

ਸਿੱਖਾਂ ਨੇ ਆਪਣੀਆਂ ਪਰੰਪਰਾਵਾਂ ਅਧੀਨ ਹਥਿਆਰਬੰਦ ਸੰਘਰਸ਼ ਦੇ ਉਹ ਜੌਹਰ ਦਿਖਾਏ ਕਿ ਦੁਸ਼ਮਣ ਦੇ ਦੰਦਾਂ ਵਿਚ ਜੀਭ ਆ ਗਈ ਤਾਂ ਫਿਰ ਦੁਸ਼ਮਣ ਨੇ ਜਿਵੇਂ ਬਾਜਾਂ ਨੂੰ ਫੜਨ ਲਈ ਇਕ ਬਾਜ਼ ਨੂੰ  ਸਿਖਾ ਕੇ ਹੀ ਵਰਤਿਆ ਜਾਂਦਾ ਹੈ ਤੇ ਹਿਰਨਾਂ ਨੂੰ ਫੜਨ ਲਈ ਇਕ ਹਿਰਨ ਨੂੰ ਹੀ ਸਿਖਾ ਕੇ ਵਰਤਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਸਿੱਖਾਂ ਨੂੰ ਫੜਨ ਲਈ ਕੁਝ ਸਿੱਖਾਂ ਨੂੰ ਹੀ ਸਿਖਾ ਕੇ ਵਰਤਿਆ  ਅਤੇ ਅੱਜ ਇਹੀ ਲੋਕ ਗੁਰੂ-ਘਰਾਂ ਅਤੇ ਸਿੱਖ ਸੰਸਥਾਵਾਂ ਉੱਤੇ ਕਾਬਜ ਹਨ। 

1984 ਤੋਂ ਬਾਅਦ ਜਿੱਥੇ ਸਿੱਖਾਂ ਨੂੰ ਸਰੀਰਿਕ ਰੂਪ ਵਿਚ ਖਤਮ ਕਰਨ ਦੀਆਂ ਨੀਤੀਆਂ  ਅਪਣਾਈਆਂ ਗਈਆਂ ਉੱਥੇ ਨਾਲ ਹੀ ਅਗਲੀਆਂ ਨਸਲਾਂ ਨੂੰ ਅਪਾਣੇ ਵਿਰਸੇ ਨਾਲੋਂ ਤੋੜ ਕੇ ਨਸ਼ਿਆਂ, ਅਨੈਤਿਕਤਾ ਦੇ ਗੁਲਾਮ ਤੇ ਪੰਥਕ ਪਰੰਪਰਾਵਾਂ ਉੱਤੇ ਕਿੰਤੂ-ਪਰੰਤੂ ਕਰਨ ਦੀ ਸੋਚ ਪ੍ਰਸਾਰੀ ਜਾ ਰਹੀ ਹੈ। ਉਹਨਾਂ ਨੂੰ ਆਪਣੀ ਬੋਲੀ, ਸੱਭਿਆਚਾਰ, ਵਿੱਲਖਣ ਪਛਾਣ ਤੋਂ ਇਕ ਸਾਜ਼ਿਸ਼ ਤਹਿਤ ਦੂਰ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦਾ  ਆਪਣੇ ਸਿੱਖ ਹੋਣ ਦਾ ਮਾਣ ਗਵਾਚ ਜਾਵੇ ਤੇ ਉਹ ਦਿੱਲੀ ਦੀ ਝੋਲੀ ਵਿਚ ਪੈ ਜਾਣ। ਇਹਨਾਂ ਨੀਤੀਆਂ ਨੂੰ ਸਾਡਾ ਦੁਸ਼ਮਣ ਬੜੀ ਤੇਜੀ ਨਾਲ ਲਾਗੂ ਕਰ ਰਿਹਾ ਹੈ ਤੇ ਪੰਥਕ ਕਹਾਉਂਦੇ ਕੁਝ ਆਗੂ ਵੀ ਪੰਥ ਨੂੰ ਕੋਈ ਨਿਰੋਈ ਸੇਧ ਦੇਣ ਦੀ ਥਾਂ ਦੁਸ਼ਮਣ ਦੀਆਂ ਚਾਲਾਂ ਵਿਚ ਅਣਭੋਲ ਹੀ ਫਸ ਕੇ ਆਪਣਿਆ ਖਿਲਾਫ ਹੀ ਮੋਰਚਾ ਖੋਲੀ ਬੈਠੇ ਹਨ ਤੇ ਵਿਆਹ ਵਿਚ ਬੀ ਦਾ ਲੇਖਾ ਪਾ ਕੇ ਪੰਥ ਦੀ ਸ਼ਕਤੀ ਅਜਾਂਈ ਗਵਾ ਰਹੇ ਹਨ ਜਿਸ ਨਾਲ ਪੰਥ ਦਾ ਤਾਂ ਕੋਈ ਭਲਾ ਹੋਣ ਨਹੀਂ ਵਾਲਾ ਸਗੋਂ ਦੁਸ਼ਮਣ ਹੋਰ ਤਕੜਾ ਹੋਵੇਗਾ।

ਸੋ ਇਹ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਦਿੱਲੀ ਦੇ ਮੌਜੂਦਾ ਪ੍ਰਬੰਧ ਵਿਚ ਸਿੱਖ ਸੱਭਿਆਚਾਰ ਵਿਗਸ ਨਹੀਂ ਸਕਦਾ ਸਗੋਂ ਦਿੱਲੀ ਵਲੋਂ ਸਾਜ਼ਿਸ ਤਹਿਤ ਸਿੱਖ ਸੱਭਿਆਚਾਰ ਨੂੰ ਖਤਮ ਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਸਿੱਖ ਨਸਲਕੁਸ਼ੀ ਨੂੰ ਲਗਾਤਾਰ ਵੱਖ-ਵੱਖ ਰੂਪਾਂ-ਵੇਸਾਂ ਵਿਚ ਜਾਰੀ ਰੱਖਿਆ ਜਾ ਰਿਹਾ ਹੈ।

ਸਰਬੱਤ ਖ਼ਾਲਸੇ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ 29 ਅਪਰੈਲ 1986 ਨੂੰ ਪੰਥਕ ਕਮੇਟੀ ਵਲੋਂ ਖ਼ਾਲਿਸਤਾਨ ਦਾ ਐਲਾਨ ਕਰਕੇ ਕੀਤੀ ਗਈ ਤੇ ਪੰਥ ਨੇ ਐਲਾਨੀਆ ਰੂਪ ਵਿਚ ਦਿੱਲੀ ਤਖ਼ਤ ਦੇ ਖਿਲਾਫ ਹਥਿਆਰਬੰਦ ਸੰਘਰਸ਼ ਦਾ ਬਿਗਲ ਵਜਾਇਆ। ਖ਼ਾਲਿਸਤਾਨ ਤੋਂ ਭਾਵ ਇਕ ਅਜਿਹੇ ਖਿੱਤੇ ਤੋਂ ਹੈ ਜਿੱਥੇ ਦਸਵੇਂ ਨਾਨਕ ਵਲੋਂ ਪਰਗਟ ਕੀਤੇ ਖ਼ਾਲਸੇ ਦੀ ਤਰਜ਼ੇ-ਜਿੰਦਗੀ ਨੂੰ ਮਾਨਤਾ ਮਿਲੀ ਹੋਵੇ ਤੇ ਜਿੱਥੋਂ ਉੱਠ ਕੇ ਖ਼ਾਲਸਾ ਦੁਨੀਆਂ ਦੇ ਤਮਾਮ ਲੋਕਾਂ ਦੀ ਰੂਹਾਨੀ, ਸਮਾਜਿਕ ਤੇ ਆਰਥਿਕ ਤਰੱਕੀ ਲਈ ਸੂਰਜ ਦੀਆਂ ਕਿਰਨਾਂ ਵਾਂਗ ਪਹੁੰਚੇ।

ਅਸਲ ਵਿਚ ਖਾਲਿਸਤਾਨ “ਰਾਜ ਕਰੇਗਾ ਖ਼ਾਲਸਾ” ਸੰਕਲਪ ਦੀ ਪੂਰਤੀ ਲਈ ਇਕ ਪੜਾਅ ਹੈ ਕਿਉਂਕਿ ਖਾਲਿਸਤਾਨ ਤਾਂ ਅੱਜ ਜਾਂ ਭਲਕੇ ਬਣ ਜਾਵੇਗਾ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਨੂੰ ਜੇਤੂ ਐਲਾਨਿਆ ਜਾਵੇਗਾ ਪਰ “ਰਾਜ ਕਰੇਗਾ ਖ਼ਾਲਸਾ” ਦਾ ਨਾਅਰਾ ਪੰਥ ਲਗਾਤਾਰ ਜਾਰੀ ਰੱਖੇਗਾ। ਖਾਲਿਸਤਾਨ ਭੁਗੋਲਿਕ ਤੇ ਸਿਆਸੀ ਹੱਦਾਂ ਵਿਚ ਬੰਨਿਆ ਜਾਵੇਗਾ ਪਰ ਰਾਜ ਕਰੇਗਾ ਖ਼ਾਲਸਾ ਦਰਿਆ ਦੀ ਮੌਜ ਵਾਂਗ ਬੇ-ਪਰਵਾਹੀ ਦੇ ਆਲਮ ਵਿਚ ਵਿਚਰੇਗਾ।ਜਿਸ ਤਰ੍ਹਾਂ ਨਿਰੰਕਾਰ ਦੇ ਵਿਚ ਕਈ ਆਕਾਰ ਹਨ ਉਸੇ ਤਰ੍ਹਾਂ ਹੀ ਰਾਜ ਕਰੇਗਾ ਖ਼ਾਲਸਾ ਵਿਚ ਹੀ ਖਾਲਿਸਤਾਨ ਹੈ।

ਖ਼ਾਲਿਸਤਾਨ ਐਲਾਨਨਾਮਾ  ਦਿੱਲੀ ਤਖ਼ਤ ਦੇ ਬ੍ਰਾਹਮਣਵਾਦੀ ਰਾਜ ਪ੍ਰਬੰਧ ਦੇ ਖਿਲਾਫ ਹੈ ਅਤੇ ਸਿੱਖਾਂ ਵਲੋਂ ਉਦੋਂ ਉਲੀਕਆ ਗਿਆ ਜਦੋਂ ਦਿੱਲੀ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸਿੱਖਾਂ ਨੂੰ ਨਾਲ ਨਾ ਰੱਖਣ ਦਾ ਐਲਾਨ ਕਰ ਦਿੱਤਾ।ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕਹਿਣ ਮੁਤਾਬਕ ਕਿ “ਅਸੀਂ ਇਸ ਮੁਲਕ ਵਿਚ ਰਹਿਣਾ ਚਾਹੁੰਦੇ ਹਾਂ, ਇਹ ਦਿੱਲੀ ਦੱਸੇ ਕਿ ਸਾਨੂੰ ਨਾਲ ਰੱਖਣਾ ਹੈ ਜਾਂ ਨਹੀਂ, ਪਰ ਅਸੀਂ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ, ਦੂਜੇ ਦਰਜ਼ੇ ਦੇ ਸ਼ਹਿਰੀ ਬਣ ਕੇ ਅਸੀਂ ਨਹੀਂ ਰਹਿਣਾ…।”

ਖ਼ਾਲਿਸਤਾਨ ਦੀ ਸਥਾਪਨਾ ਦੀ ਅਸਲ ਭੁਗੋਲਿਕ ਥਾਂ ਪੰਜ ਦਰਿਆਵਾਂ ਦੀ ਧਰਤੀ ਹੀ ਹੈ ਇਸ ਤੋਂ ਲਾਂਭੇ ਕਿਤੇ ਖ਼ਾਲਿਸਤਾਨ ਦੀ ਸਥਾਪਨਾ ਨਹੀਂ ਹੋ ਸਕਦੀ।ਖ਼ਾਲਿਸਤਾਨ ਦੀ ਲੋੜ ਅਮਰੀਕਾ ਵਿਚ ਨਹੀਂ, ਕੈਨੇਡਾ ਵਿਚ ਨਹੀ, ਯੌਰਪ ਵਿਚ ਨਹੀਂ ਤੇ ਨਾ ਹੀ ਕਿਸੇ ਹੋਰ ਜਗ੍ਹਾ ਉੱਪਰ।ਗੁਰੂ ਵਰੋਸਾਈ ਧਰਤ ਪੰਜਾਬ ਦਾ ਨਾਮ ਬਦਲ ਕੇ ਖ਼ਾਲਿਸਤਾਨ ਰੱਖ ਲੈਣਾ ਵੀ ਖ਼ਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਖ਼ਾਲਿਸਤਾਨ ਦੀ ਪ੍ਰਾਪਤੀ ਲਈ ਅਜਿਹੇ ਢੰਗ ਤਰੀਕੇ ਅਪਣਾਏ ਜਾਣ ਤਾਂ ਜੋ ਜਿੱਥੇ ਸਿੱਖ ਸੱਭਿਆਚਾਰ ਨੂੰ ਆਪਣਾ ਘਰ ਮਿਲ ਸਕੇ ਉੱਥੇ ਗੁਰੂ-ਵਰੋਸਾਈ ਧਰਤ ਪੰਜਾਬ ਨੂੰ ਪਿਆਰ ਤੇ ਦੁਨੀਆਂ ਦੇ ਲੋਕਾਂ ਨੂੰ ਨਰੋਈ ਜੀਵਨ-ਜਾਚ ਮਿਲੇ।

ਖ਼ਾਲਿਸਤਾਨ ਦੀ ਪਰਾਪਤੀ ਦਾ ਸੰਘਰਸ਼ ਕਈ ਪੜਾਵਾਂ ਤੇ ਕਈ ਪੱਖਾਂ ਤੋਂ ਲੜਿਆ ਜਾਣਾ ਹੈ ਅਤੇ ਇਹਨਾਂ ਸਾਰੇ ਪੜਾਵਾਂ ਤੇ ਪੱਖਾਂ ਵਿਚ ਆਪਸੀ ਤਾਲਮੇਲ ਤੇ ਇਤਫਾਕ ਇਸਦੀ ਪਹਿਲੀ ਲੋੜ ਹੈ, ਤਾਂ ਹੀ ਗੁਰੂ ਦੀ ਪਰਤੀਤ ਮਿਲ ਸਕਦੀ ਹੈ।

ਜੇ ਵਿਆਪਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਦਿੱਲੀ ਦੇ ਪ੍ਰਬੰਧ ਅਧੀਨ ਨੂੜੇ ਵੱਖ-ਵੱਖ ਸੱਭਿਆਚਾਰ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਜੂਝ ਰਹੇ ਹਨ ਪਰ ਉਹ ਦਿੱਲੀ ਤਖ਼ਤ ਦੇ ਖਿਲਾਫ ਉਸ ਜਿੰਦਾ ਦਿਲੀ ਨਾਲ ਨਹੀਂ ਸੰਘਰਸ਼ ਕਰ ਸਕਦੇ ਜਿੰਨੀ ਦਲੇਰੀ ਸਿੱਖਾਂ ਕੋਲ ਹੈ ਜਿਸਦੀ ਉਦਾਹਰਨ ਸਪੱਸ਼ਟ ਹੈ ਜਦੋਂ 1975 ਵਿਚ ਭਾਰਤ ਵਿਚ ਐਮਰਜੈਂਸੀ ਲੱਗੀ ਸੀ ਤਾਂ ਕੇਵਲ ਸਿੱਖਾਂ ਨੇ ਹੀ ਇਸਦਾ ਵਿਰੋਧ ਕੀਤਾ ਸੀ ਤੇ ਭਾਰਤ ਭਰ ਵਿਚੋਂ ਵੱਖ-ਵੱਖ ਸੱਭਿਆਚਾਰਾਂ ਦੇ ਨੁੰਮਾਇੰਦਿਆਂ ਨੇ ਮਨੁੱਖਤਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਸ਼ਰਣ ਲਈ ਸੀ। ਅਤੇ ਜਦੋਂ ਪੰਥ ਵਲੋਂ 1982 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਵਿਚ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਧਰਮ ਯੁੱਧ ਮੋਰਚਾ ਲਾਇਆ ਗਿਆ ਸੀ ਤਾਂ ਭਾਰਤੀ ਉਪ-ਮਹਾਂਦੀਪ ਵਿਚ ਵਸਦੇ ਵੱਖ-ਵੱਖ ਸੱਭਿਆਚਾਰਾਂ ਦੇ ਨੁੰਮਾਇੰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਸੁਣਨ ਲਈ ਦਰੀ ਉੱਤੇ ਆ ਕੇ ਬੈਠਦੇ ਸਨ, ਉਹਨਾਂ ਨੂੰ ਆਸ ਸੀ ਕਿ ਖ਼ਾਲਸਾ ਆਪ ਵੀ ਦਿੱਲੀ ਤੋਂ ਆਪਣੇ ਹੱਕ ਲੈ ਲਵੇਗਾ ਅਤੇ ਸਾਨੂੰ ਵੀ ਕੁਝ ਮਿਲ ਜਾਵੇਗਾ।ਇਸ ਪੱਖ ਤੋਂ ਵੀ ਦੁਬਾਰਾ ਲਾਮਬੱਧੀ ਕਰਨ ਦੀ ਲੋੜ ਹੈ। ਵਿਚਾਰਨ ਦੀ ਗੱਲ ਹੈ ਕਿ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਵੱਖ-ਵੱਖ ਸੰਘਰਸ਼ਸ਼ੀਲ਼ ਧਿਰਾਂ ਨਾਲ ਰਾਬਤਾ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਹੀ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਅਨੰਦਪੁਰ ਸਾਹਿਬ ਦਾ ਮਤਾ ਖ਼ਾਲਿਸਤਾਨ ਐਲਾਨਨਾਮੇ ਦੀ ਪ੍ਰਾਪਤੀ ਲਈ ਇਕ ਅਹਿਮ ਪੜਾਅ ਹੈ।

80ਵਿਆਂ ਵਿਚ ਸਿੱਖਾਂ ਵਲੋਂ ਸ਼ੁਰੂ ਕੀਤੇ ਹਥਿਆਰਬੰਦ ਸੰਘਰਸ਼ ਦੀ ਤਰਜ਼ ਉੱਤੇ ਹੋਰਨਾਂ ਕੌਮਾਂ ਨੇ ਵੀ ਇਹ ਰਾਹ ਅਪਣਾਇਆ ਪਰ ਤਰਾਸਦੀ ਹੈ ਕਿ ਇਹਨਾਂ ਸਾਰਿਆਂ ਵਿਚ ਤਾਲਮੇਲ ਪੈਦਾ ਨਾ ਹੋਣ ਕਾਰਨ ਲਗਾਤਾਰ ਚੱਲਦੇ ਹਥਿਆਰਬੰਦ ਸੰਘਰਸ਼ ਵਿਚ ਵੀ ਕੁਝ ਆਪਣੀਆਂ ਕਮਜ਼ੋਰੀਆਂ ਤੇ ਬਹੁਤੀਆਂ ਦਿੱਲੀ ਦੀ ਮੱਕਾਰੀਆਂ ਨੇ ਬਹੁਤਾ ਕੁਝ ਹੱਥ-ਪੱਲੇ ਨਾ ਪੈਣ ਦਿੱਤਾ।

20ਵੀ ਸਦੀ ਦੇ ਪੰਜਵੇਂ ਦਹਾਕੇ ਤੋਂ ਬਾਅਦ ਚੱਲੇ ਕਿਸੇ ਸੰਘਰਸ਼ ਨੇ ਵੀ ਹਥਿਆਰਬੰਦ ਸੰਘਰਸ਼  ਨੂੰ ਏਨੀ ਉਚਾਈ ਤੱਕ ਨਹੀਂ ਪਹੁੰਚਾਇਆ ਜਿੰਨਾ ਉੱਚਾ ਸਿੱਖਾਂ ਨੇ ਹਥਿਆਰਬੰਦ ਸੰਘਰਸ਼ ਨੂੰ ਲਿਜਾਇਆ। ਸਸ਼ਤਰ ਖ਼ਾਲਸਾ ਤਰਜ਼ੇ ਜਿੰਦਗੀ ਵਿਚ ਇਕ ਰੂਹਾਨੀ ਤਜਰਬਾ ਹੈ, ਸਸ਼ਤਰ ਤੋਂ ਬਿਨਾਂ ਖ਼ਾਲਸੇ ਦੀ ਸੰਪੂਰਨਤਾ ਨਹੀਂ ਕਿਆਸੀ ਜਾ ਸਕਦੀ। ਸਸ਼ਤਰ ਤੋਂ ਬਿਨਾਂ ਖ਼ਾਲਸਾ ਖ਼ਾਲਸਾ ਕਹਾਉਂਣ ਦਾ ਹੱਕ ਹੀ ਨਹੀਂ ਲੈ ਸਕਦਾ। ਖ਼ਾਲਸਾ ਤੇ ਸਸ਼ਤਰ ਆਪਸ ਵਿਚ ਇਸ ਤਰ੍ਹਾਂ ਘੁਲੇ-ਮਿਲੇ ਹੋਏ ਹਨ ਜਿਵੇ ਸ਼ਹਿਦ ਵਿਚ ਮਿਠਾਸ ਤੇ ਗੁਲਾਬ ਵਿਚ ਖੁਸ਼ਬੋ। ਸਸ਼ਤਰ ਖ਼ਾਲਸਾ ਤੇ ਖ਼ਾਲਸਾ ਸਸ਼ਤਰ ਹੈ।ਖ਼ਾਲਸੇ ਦੇ ਗਾਤਰੇ ਪਾਈ ਕਿਰਪਾਨ ਕੋਈ ਚਿੰਨ੍ਹ ਨਹੀਂ ਸਗੋਂ ਸਸ਼ਤਰ ਹੈ ਜੋ ਉਸਨੇ ਦੀਨ-ਦੁਖੀ ਦੀ ਸੇਵਾ ਵਿਚ ਵਰਤਣੀ ਹੈ ਪਰ ਤਰਾਸਦੀ ਹੈ ਕਿ ਖ਼ਾਲਸਈ ਸੱਭਿਆਚਾਰ ਦੀ ਕਿਸੇ ਭੁਗੋਲਿਕ ਖਿੱਤੇ ਚ ਮਾਨਤਾ ਨਾ ਹੋਣ ਕਾਰਨ ਅਸੀਂ ਅੱਜ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਰੋਜ਼ੀ-ਰੋਟੀ ਲਈ ਵਸਣ ਦੀ ਖਾਤਰ ਕਿਰਪਾਨ ਨੂੰ ਸਸ਼ਤਰ ਦੀ ਥਾਂ ਚਿੰਨ੍ਹ ਦੇ ਤੌਰ ਤੇ ਪੇਸ਼ ਕਰਕੇ ਵਧੇਰੇ ਖੁਸ਼ ਹੁੰਦੇ ਹਾਂ।ਇਸ ਕਾਰਨ ਖ਼ਾਲਸੇ ਨੂੰ ਸਸ਼ਤਰ ਤਿਆਗ ਦੇਣ ਦੀ ਗੱਲ ਕਹਿਣੀ ਖ਼ਾਲਸਈ ਸਿਧਾਂਤਾਂ ਤੋਂ ਮੁਨਕਰ ਹੋਣ ਲਈ ਕਹਿਣਾ ਤੇ ਖਾਲਸਈ ਸੱਭਿਆਚਾਰ ਨੂੰ ਚੁਣੌਤੀ ਦੇਣ ਤੁਲ ਹੋਵੇਗਾ। ਪਰ ਇਸ ਤੋਂ ਵੱਡੀ ਅਣਹੋਣੀ ਹੋਵੇਗੀ ਜੇਕਰ ਖ਼ਾਲਸੇ ਦੇ ਸਸ਼ਤਰ ਦੀਨਨ ਕੀ ਪ੍ਰਿਤਪਾਲ ਕਰਨ ਦੀ ਥਾਂ ਆਮ ਲੋਕਾਈ ਨੂੰ ਨੁਕਸਾਨ ਪਹੁੰਚਾਉਂਣ  ਲਈ ਵਰਤੇ  ਤਾਂ ਉਹ ਨਾ ਤਾਂ ਆਪਣੇ ਨਿਸ਼ਾਨਿਆਂ ਤੱਕ ਪੁੱਜ ਸਕੇਗਾ ਅਤੇ ਨਾ ਹੀ ਗੁਰੂ ਦੀ ਪਰਤੀਤ ਦਾ ਪਾਤਰ ਬਣ ਸਕੇਗਾ ਕਿਉਂਕਿ ਖ਼ਾਲਸੇ ਦੇ ਹੱਥ ਵਿਚ ਫੜੀ ਤਲਵਾਰ ਤਾਂ ਹੀ ਕਿਰਪਾਨ ਕਹਾਉਂਣ ਦਾ ਹੱਕ ਰੱਖਦੀ ਹੈ ਜੇਕਰ ਉਹ ਕਿਸੇ ਉੱਤੇ ਕਿਰਪਾ ਕਰਨ ਦੀ ਦ੍ਰਿਸ਼ਟੀ ਨਾਲ ਉੱਠਦੀ ਹੈ।

ਖ਼ਾਲਿਸਤਾਨ ਦੀ ਸਥਾਪਤੀ ਲਈ ਸਭ ਤੋਂ ਵੱਧ ਜਰੂਰੀ ਹੈ ਕਿ ਇਸ ਦੀ ਅਗਵਾਈ ਸੰਜੀਦਾ ਲੀਡਰਸ਼ਿਪ ਕੋਲ ਹੋਵੇ ਜੋ ਬਾਣੀ-ਬਾਣੇ ਵਿਚ ਪਰਪੱਕ ਤੇ ਕਰਮ ਕਰਨ ਵਿਚ ਵਧੇਰੇ ਵਿਸਵਾਸ਼ ਰੱਖਦੀ ਹੋਵੇ ਤੇ ਅਜਿਹੀ ਲੀਡਰਸ਼ਿਪ ਦਾ ਪਹਿਲਾਂ ਕਾਰਜ ਇਹ ਹੋਵੇ ਕਿ ਲੋਕਾਂ ਨੂੰ ਸਬਦ ਗੁਰੂ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਜਿੱਥੇ ਦੇਹਧਾਰੀ ਪਖੰਡੀਆਂ ਨੂੰ ਭਾਂਜ ਦਿੱਤੀ ਜਾਵੇ ਉੱਥੇ ਗੁਰੂ-ਘਰਾਂ ਦਾ ਪ੍ਰਬੰਧ ਅਜਿਹੇ ਹੱਥਾਂ ਵਿਚ ਲਿਆਂਦਾ ਜਾਵੇ ਤਾਂ ਜੋ ਗੁਰੂ-ਘਰ ਜਿੱਥੇ ਸੰਗਤਾਂ ਨੂੰ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਨਾਲ ਜੋੜਨ ਉੱਥੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਵੀ ਸਹਾਇਕ ਹੋਣ।

ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੁਹਿਰਦ ਵਿਅਕਤੀਆਂ ਦੇ ਇਕੱਤਰ ਹੋਣ ਜਾਂ ਵੱਖ-ਵੱਖ ਫਰੰਟਾਂ ਤੇ ਕੰਮ ਕਰਨ ਵਾਲਿਆਂ ਵਿਚ ਤਾਲਮੇਲ ਦੀ ਕਇਮੀ ਤੋਂ ਬਾਅਦ ਦੂਜਾ ਵੱਡਾ ਕੰਮ ਹੈ ਕਿ ਖ਼ਾਲਿਸਤਾਨ ਜਿਹਨਾਂ ਲੋਕਾਂ ਨੇ ਬਣਾਉਂਣ ਲਈ ਤੁਰਨਾ ਹੈ ਉਹਨਾਂ ਦੀ ਸਿੱਖਿਆ ਤੇ ਤਿਆਰੀ ਕੀਤੀ ਜਾਵੇ ਤਾਂ ਜੋ ਉਹ ਜਿੱਥੇ ਖ਼ਾਲਿਸਤਾਨ ਦੇ ਸਭ ਪੱਖਾਂ ਨੂੰ ਆਪ ਸਮਝ ਸਕਣ ਉੱਥੇ ਉਹ ਲੋਕਾਂ ਨੂੰ ਵੀ ਇਸਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦੇ ਸਕਣ।

ਖਾਲਿਸਤਾਨ ਦੇ ਸੰਘਰਸ਼ ਦੀ ਮੁੱਢਲੀ ਤਿਆਰੀ ਤੋਂ ਬਾਅਦ ਜਿੱਥੇ ਖ਼ਾਲਿਸਤਾਨ ਦੀ ਸਥਾਪਨਾ ਕਰਨੀ ਹੈ ਭਾਵ ਪੰਜਾਬ ਵਿਚ, ਉੱਥੇ ਲੋਕਾਂ ਵਿਚ ਖ਼ਾਲਿਸਤਾਨ ਦੀ ਲੋੜ, ਸਥਾਪਤੀ, ਢਾਂਚੇ ਤੇ ਹੋਰ ਸਭ ਪੱਖਾਂ ਤੋਂ ਜਾਗਰੁਕ ਕਰਨਾ ਅਗਲੇਰੇ ਪੜਾਵਾਂ ਲਈ ਪਹਿਲਾਂ ਕਦਮ ਹੈ। ਇਸ ਵਾਸਤੇ ਪ੍ਰਚਾਰ ਸਾਧਨਾਂ ਜਿਵੇ ਰਸਾਲੇ, ਅਖਬਾਰਾਂ, ਪੈਂਫਲਿਟ, ਵੀਡਿਓ-ਆਡੀਓ ਪ੍ਰਚਾਰ ਸਾਧਨਾਂ ਆਦਿ ਵੀ ਵਰਤੋਂ ਕਰਨੀ ਪਏਗੀ। ਲੋਕਾਂ ਨੂੰ ਇਹ ਜਚਾਉਂਣਾ ਪਵੇਗਾ ਕਿ ਖ਼ਾਲਿਸਤਾਨ ਦੀ ਸਥਾਪਨਾ ਤੋਂ ਬਿਨਾਂ ਉਹਨਾਂ ਦੀਆਂ ਮੌਜੂਦਾ ਸਮੱਸਿਆਵਾਂ ਦਾ ਸਦੀਵ ਹੱਲ ਨਹੀਂ ਹੋ ਸਕਦਾ।

ਖ਼ਾਲਿਸਤਾਨੀਆਂ ਨੂੰ ਉਹਨਾਂ ਦੇ ਹਰ ਦੁੱਖ ਵਿਚ ਉਹਨਾਂ ਨਾਲ ਖੜ੍ਹਣਾ ਪਵੇਗਾ। ਉਹਨਾਂ ਦੀਆਂ ਸਮਾਜਿਕ, ਆਰਥਿਕ ਲੋੜਾਂ ਲਈ ਵੀ ਚਿੰਤਾ ਖ਼ਾਲਿਸਤਾਨੀਆਂ ਨੂੰ ਕਰਨੀ ਪਏਗੀ। ਅੱਜ ਗੁਰੂ-ਵਰੋਸਾਈ ਧਰਤ ਪੰਜਾਬ ਨੂੰ ਹਰ ਪੱਖ ਤੋਂ ਦਿੱਲੀ ਤਖ਼ਤ ਤੇ ਪੰਜਾਬ ਸਰਕਾਰਾਂ ਵਲੋਂ ਨੁਕਸਾਨਿਆਂ ਜਾ ਰਿਹਾ ਹੈ। ਅੱਜ ਸਾਡਾ ਗੁਰੂ ਰੂਪ ਪਵਣ, ਪਿਤਾ ਰੂਪ ਪਾਣੀ ਤੇ ਮਾਂ ਰੂਪ ਧਰਤੀ ਨੂੰ ਪੰਜਾਬ ਵਿਚ ਇਕ ਸਾਜ਼ਿਸ ਤਹਿਤ ਪ੍ਰਦੂਸ਼ਤ ਤੇ ਬਿਮਾਰ ਕੀਤਾ ਜਾ ਰਿਹਾ, ਸਾਡੀ ਨੌਜਵਾਨੀ ਤੇ ਕਿਰਸਾਨੀ ਨੂੰ ਨਸ਼ਿਆਂ, ਅਸਲੀਲਤਾ ਤੇ ਅਣਖਹੀਣਤਾ ਪਰੋਸੀ ਜਾ ਰਹੀ, ਇਹਨਾਂ ਸਮੱਸਿਆਂ ਨਾਲ  ਵੀ ਖ਼ਾਲਿਸਤਾਨੀਆਂ ਨੂੰ ਦੋ ਹੱਥ ਹੋਣਾ ਪੈਣਾ ਹੈ ਨਹੀਂ ਤਾਂ ਜਿਸ ਥਾਂ ਅਸੀਂ ਖ਼ਾਲਿਸਤਾਨ ਦੀ ਕਾਇਮੀ ਬਾਰੇ ਸੋਚ ਰਹੇ ਹਾਂ ਉਹ ਥਾਂ ਵੈਸੇ ਆਮ ਮਨੁੱਖਾਂ ਦੇ ਰਹਿਣ ਜੋਗੀ ਵੀ ਨਹੀਂ ਰਹਿਣੀ।

ਆਓ! ਖ਼ਾਲਿਸਤਾਨ ਐਲਾਨਾਨਾਮੇ ਦੀ ਵਰ੍ਹੇਗੰਢ ਮੌਕੇ ਆਪਾਂ ਸਮੂਹ ਖ਼ਾਲਿਸਤਾਨੀ ਗੁਰੂ ਗੰ੍ਰਥ ਸਾਹਿਬ ਅੱਗੇ ਨਤਮਸਤਕ ਹੋ ਕੇ ਸ਼ਹੀਦਾਂ ਦੀ ਯਾਦ ਵਿਚ ਜਿੱਥੇ ਮਨ ਨੂੰ ਜੋਤ ਸਰੂਪ ਪ੍ਰਭੂ ਪਰਮਾਤਮਾ ਦੀ ਪਛਾਣ ਕਰਨ ਲਈ ਪ੍ਰੇਰਦੇ ਹੋਏ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਪ੍ਰਤੀ ਦ੍ਰਿੜ ਹੋਈਏ ਉੱਥੇ ਪੰਥ ਦੀ ਵਿਗੜੀ ਸਵਾਰਨ ਤੇ ਦੁਨੀਆਂ ਦੇ ਨਕਸ਼ੇ ਵਿਚ ਗੁਰੂ ਗੰ੍ਰਥ ਸਾਹਿਬ ਜੀ ਦੇ ਸਿਧਾਤਾਂ ‘ਤੇ ਆਧਾਰਤ ਰਾਜ ਪ੍ਰਬੰਧ ਖ਼ਾਲਿਸਤਾਨ ਦੀ ਸਥਾਪਤੀ ਲਈ ਵੀ ਇੱਕ-ਇੱਕ ਕਦਮ ਪੁੱਟੀਏ।

Jaspal Singh Manjhpur

Advocate for Sikh Political Prisoners, Proprietor of Panjaab Lawyers.

Previous
Previous

Remembering Shaheeds Bhai Sukha-Jinda: Reflecting on Twenty Years of Struggle

Next
Next

Glimpses of Liberation: Moving Beyond Elections and Reform